*ਗੁ: ਅੰਬ ਸਾਹਿਬ ਨੇੜੇ 100 ਸਾਲ ਪੁਰਾਣੇ ਅੰਬਾਂ ਦੇ ਦਰੱਖਤਾਂ ਨੂੰ ਵੱਢਕੇ ਕੀਤਾ ਬਾਗ ਵੀਰਾਨ, ਹਾਈ ਕੋਰਟ ਵਿੱਚ ਕੇਸ ਸੁਣਵਾਈ ਅਧੀਨ ਦੀ ਨਹੀਂ ਕੋਈ ਪ੍ਰਵਾਹ.* *ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਅਤੇ ਪੁੱਡਾ ਗਮਾਡਾ ਕੁੰਭਕਰਨੀ ਨੀਂਦ ਸੁੱਤਾ* *ਪਿਛਲੇ ਇੱਕ ਸਾਲ ਤੋਂ ਮੋਰਚੇ ਦੇ ਆਗੂ ਦਰੱਖਤਾਂ ਨੂੰ ਬਚਾਉਣ ਲਈ ਲੜ ਰਹੇ ਹਨ ਲੜਾਈ, ਪਰ ਮਿਲੀਭੁਗਤ ਕਰਕੇ ਨਹੀਂ ਹੋਈ ਕੋਈ ਸੁਣਵਾਈ.*
*ਅੱਜ ਮੋਹਾਲੀ ਵਿੱਚ ਨਹੀਂ ਲੱਭ ਰਿਹਾ ਕੋਈ ਵਾਤਾਵਰਨ ਨੂੰ ਬਚਾਉਣ ਵਾਲਾ ਵਾਤਾਵਰਨ ਪ੍ਰੇਮੀ, ਦਰਖਤਾਂ ਦੀ ਕਟਾਈ ਨੂੰ ਰੋਕਣ ਲਈ ਪ੍ਰਸ਼ਾਸਨ ਵੀ ਨਹੀਂ ਕਰ ਰਿਹਾ ਕੋਈ ਕਾਰਵਾਈ: ਕੁੰਭੜਾ*
ਮੋਹਾਲੀ, 18 ਨਵੰਬਰ: ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਕੱਟੇ ਜਾ ਰਹੇ 100 ਸਾਲ ਪੁਰਾਣੇ ਅੰਬਾਂ ਦੇ ਦਰਖਤਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਗੁਹਾਰ ਲਗਾਈ ਗਈ। ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਦਰਖਤ ਮਸ਼ੀਨੀ ਆਰਿਆਂ ਨਾਲ ਵੱਢਕੇ ਗਿਰਾ ਦਿੱਤੇ ਗਏ ਹਨ। ਜਿਸ ਦਾ ਕੇਸ ਮਾਨਯੋਗ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਇਸ ਸਬੰਧ ਵਿੱਚ ਇੱਕ ਦਿਨ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਪੁੱਡਾ ਦਫਤਰ ਦਾ ਘਿਰਾਓ ਕੀਤਾ ਸੀ। ਜਿੱਥੇ ਉੱਚ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈਕੇ ਇਹ ਵਿਸ਼ਵਾਸ ਦਵਾਇਆ ਸੀ ਕਿ ਕੋਈ ਦਰਖਤ ਕੱਟਿਆ ਨਹੀਂ ਜਾਵੇਗਾ। ਪਰ ਉਸ ਦੇ ਬਾਵਜੂਦ 100 ਸਾਲ ਪੁਰਾਣੇ ਅੰਬਾਂ ਦੇ ਦਰਖਤਾਂ ਨੂੰ ਸ਼ਰੇਆਮ ਕੱਟਿਆ ਜਾ ਰਿਹਾ ਹੈ। ਅੱਜ ਮੋਰਚਾ ਆਗੂਆਂ ਨੇ ਆਪਣਾ ਫਰਜ਼ ਸਮਝਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੈਸ ਨੂੰ ਲਾਈਵ ਕਟਾਈ ਕਰਦਿਆਂ ਵੀ ਦਿਖਾਇਆ। ਸ. ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇਸ ਨਿਕੰਮੀ ਸਰਕਾਰ ਤੋਂ ਕੋਈ ਆਸ ਨਹੀਂ ਰਹੀ। ਹੁਣ ਅਸੀਂ ਮਾਨਯੋਗ ਰਾਜਪਾਲ, ਪੰਜਾਬ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਮਾਨਯੋਗ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਦਰਖਤ ਕੱਟਣ ਵਾਲੀ ਫਿਨਿਕਸ ਕੰਪਨੀ ਦੇ ਮਾਲਕ, ਪੁੱਡਾ ਗਮਾਡਾ ਦੇ ਉੱਚ ਅਧਿਕਾਰੀ ਅਤੇ ਸੰਬੰਧਿਤ ਪੁਲਿਸ ਅਧਿਕਾਰੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਪੰਜਾਬ ਭਰ ਦੀਆਂ ਸਮੂਹ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਨੂੰ ਨਾਲ ਲੈਕੇ ਗੁ: ਅੰਬ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਲਈ ਅਤੇ ਵਾਤਾਵਰਣ ਦੀ ਰਾਖੀ ਲਈ ਵੱਡਾ ਸੰਘਰਸ਼ ਵਿਢਿਆ ਜਾਵੇਗਾ।
ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਕੁਲਦੀਪ ਸਿੰਘ, ਹਰਵਿੰਦਰ ਕੋਹਲੀ, ਬੱਬਲ ਚੋਪੜਾ, ਕਰਮਜੀਤ ਸਿੰਘ, ਰਾਜੂ ਮੋਹਾਲੀ, ਲਾਭਾ, ਰਜਿੰਦਰ ਕੌਰ, ਹਰਪਾਲ ਸਿੰਘ, ਜਤਿੰਦਰ ਸਿੰਗਲਾ ਆਦਿ ਹਾਜ਼ਰ ਹੋਏ।
टिप्पणियाँ
एक टिप्पणी भेजें