*100 ਸਾਲ ਪੁਰਾਣੇ ਅੰਬਾਂ ਦੇ ਦਰਖਤ ਬਚਾਉਣ ਲਈ ਲਗਾਇਆ ਧਰਨਾ ਪ੍ਰਸ਼ਾਸਨ ਅਧਿਕਾਰੀਆਂ ਨੇ ਕਾਰਵਾਈ ਕਰਨ ਲਈ ਮੰਗਿਆ ਤਿੰਨ ਦਿਨ ਦਾ ਸਮਾਂ,* *ਗੁ: ਅੰਬ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਲਈ 85 ਸਾਲਾ ਬਜ਼ੁਰਗ ਬਾਬਾ ਲਾਭ ਸਿੰਘ ਨੇ ਪ੍ਰਸ਼ਾਸਨ ਅਤੇ ਮਾਲਕਾਂ ਵਿਰੁੱਧ ਮਾਰੀ ਬੜਕ,**ਉਨਾਂ ਐਲਾਨ ਕੀਤਾ ਜੇ 3 ਦਿਨਾਂ ਵਿੱਚ ਅੰਬਾਂ ਦੇ ਦਰੱਖਤ ਕੱਟਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਨਾ ਹੋਈ ਤਾਂ 3 ਦਸੰਬਰ ਨੂੰ ਲੱਗਾਵਾਂਗਾ ਅਣਮਿਥੇ ਸਮੇਂ ਲਈ ਧਰਨਾ,* *ਐਸ ਸੀ ਬੀਸੀ ਮੋਰਚਾ ਪ੍ਰਧਾਨ ਸ. ਕੁੰਭੜਾ ਨੇ ਤਨ, ਮਨ, ਧਨ ਨਾਲ ਬਾਬਾ ਜੀ ਦਾ ਸਾਥ ਦੇਣ ਦਾ ਕੀਤਾ ਐਲਾਨ,*
ਮੋਹਾਲੀ, 29 ਨਵੰਬਰ: ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿਛਲੇ ਇੱਕ ਸਾਲ ਤੋਂ ਇਤਿਹਾਸਿਕ ਅੰਬਾਂ ਦੇ ਦਰਖਤਾਂ ਨੂੰ ਬਚਾਉਣ ਲਈ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਤੇ ਕਈ ਵਾਰ ਇਸ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਚੁੱਕਾ ਹੈ। ਆਗੂਆਂ ਵੱਲੋਂ ਵਾਤਾਵਰਨ ਪ੍ਰੇਮੀਆਂ ਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਇਹਨਾਂ ਦਰਖਤਾਂ ਨੂੰ ਬਚਾਉਣ ਲਈ ਅੱਗੇ ਆਓ।
ਅੱਜ ਸਵੇਰੇ ਕਰੀਬ 5 ਵਜੇ ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਆਗੂ 85 ਸਾਲਾ ਬਜ਼ੁਰਗ ਬਾਬਾ ਲਾਭ ਸਿੰਘ ਨੇ ਬਣ ਰਹੇ ਮਾਲ ਦੇ ਗੇਟ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਕੁਝ ਸਮੇਂ ਬਾਅਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਾਬਾ ਜੀ ਨੂੰ ਤਿੰਨ ਦਿਨਾਂ ਵਿੱਚ ਦਰਖਤ ਕੱਟਣ ਵਾਲਿਆਂ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਭਰੋਸਾ ਦੇ ਕੇ ਧਰਨਾ ਕੁਝ ਦਿਨਾਂ ਲਈ ਉਠਾ ਦਿੱਤਾ। ਜਿਸ ਤੋਂ ਬਾਅਦ ਬਾਬਾ ਲਾਭ ਸਿੰਘ ਨੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਸਮੂਹ ਮੋਰਚਾ ਆਗੂਆਂ ਦੀ ਮੌਜੂਦਗੀ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਆਸ ਹੈ ਕਿ ਪ੍ਰਸ਼ਾਸਨ ਤਿੰਨ ਦਿਨਾਂ ਦੇ ਅੰਦਰ ਅੰਦਰ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੇਗਾ। ਪਰ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਕਰਨ ਵਿੱਚ ਢਿੱਲ ਵਿਖਾਈ ਤਾਂ ਮੇਰੇ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਦਾ ਐਲਾਨ ਜਿਉਂ ਦਾ ਤਿਉਂ ਬਰਕਰਾਰ ਰਹੇਗਾ ਤੇ ਮਿਤੀ 3/12/2025 ਦਿਨ ਬੁੱਧਵਾਰ ਨੂੰ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਦੇ ਸਾਥ ਦੇਣ ਲਈ ਮੈਂ ਸਮੂਹ ਧਾਰਮਿਕ, ਸਮਾਜਿਕ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਲਈ ਇਸ ਧਰਨੇ ਵਿੱਚ ਮੇਰਾ ਸਾਥ ਦੇਣ ਦੀ ਬੇਨਤੀ ਕਰਦਾ ਹਾਂ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਮਾਲ ਦਾ ਮਾਲਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮਾਨਯੋਗ ਹਾਈਕੋਰਟ ਵੱਲੋਂ ਕੀਤੇ ਗਏ ਸਟੇਅ ਨੂੰ ਵੀ ਮੰਨਣ ਤੋਂ ਇਨਕਾਰੀ ਹਨ। ਅਸੀਂ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਨਾਂ ਨੇ ਦਰੱਖਤ ਬਚਾਉਣ ਵਿੱਚ ਸਾਡਾ ਸਾਥ ਦੇਣ ਦਾ ਐਲਾਨ ਕੀਤਾ ਹੈ। ਸਾਡਾ ਮੋਰਚਾ ਤਨ, ਮਨ, ਧਨ ਨਾਲ ਬਾਬਾ ਜੀ ਦੇ ਸਮਰਥਨ ਵਿੱਚ ਖੜਾ ਹੈ ਤੇ ਬਾਬਾ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਲਈ ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੇ ਹਾਂ।
ਇਸ ਮੌਕੇ ਮੋਰਚਾ ਆਗੂ ਮਾਸਟਰ ਬਨਵਾਰੀ ਲਾਲ ਅਤੇ ਸੀ ਐਲ ਪੀ ਦੇ ਚੇਅਰਮੈਨ ਅਵਤਾਰ ਸਿੰਘ ਨਗਲਾ ਨੇ ਵੀਂ ਸੰਬੋਧਨ ਕੀਤਾ ਤੇ ਦਰਖਤਾਂ ਦੀ ਹੋ ਰਹੀ ਕਟਾਈ ਤੇ ਦੁੱਖ ਪ੍ਰਗਟ ਕਰਦਿਆਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਬਾਬੂ ਬੇਦ ਪ੍ਰਕਾਸ਼, ਬਲਵਿੰਦਰ ਸਿੰਘ ਚੰਡੀਗੜ੍ਹ, ਮਨਦੀਪ ਸਿੰਘ, ਕਰਮਜੀਤ ਸਿੰਘ, ਨੀਲਮ, ਹਰਪਾਲ ਸਿੰਘ, ਜਤਿੰਦਰ ਸਿੰਗਲਾ ਆਦਿ ਹਾਜ਼ਰ ਹੋਏ।
टिप्पणियाँ
एक टिप्पणी भेजें